ਮੋਗਾ - ਮੋਗਾ ਜ਼ਿਲੇ ਦੇ ਪਿੰਡ ਧੱਲੇਕੇ ਨਿਵਾਸੀ ਮਨਪ੍ਰੀਤ ਕੌਰ ਨੇ ਆਪਣੇ ਪਤੀ ਨਛੱਤਰ ਸਿੰਘ ਤੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਗੈਰ ਉਸਦੇ ਨਾਲ ਦੂਜਾ ਵਿਆਹ ਕਰਵਾ ਕੇ ਉਸਦੇ ਨਾਲ ਧੋਖਾਦੇਹੀ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਮੋਗਾ ਵਲੋਂ ਜਾਂਚ ਦੇ ਬਾਅਦ ਮਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਨਿਵਾਸੀ ਧੱਲੇਕੇ ਦੀ ਸਿਕਾਇਤ ਤੇ ਨਛੱਤਰ ਸਿੰਘ ਪੁੱਤਰ ਭਰਪੂਰ ਸਿੰਘ ਨਿਵਾਸੀ ਪਿੰਡ ਲੂੰਡੇਵਾਲਾ (ਕੋਟ ਭਾਈ) ਮੁਕਤਸਰ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਨਪ੍ਰੀਤ ਕੌਰ ਨੇ ਕਿਹਾ ਕਿ ਅਖ਼ਬਾਰ ਵਿਚ ਛਪੇ ਇਸ਼ਤਿਹਾਰ ਦੇ ਅਧਾਰ ਤੇ ਉਨ੍ਹਾਂ ਨਛੱਤਰ ਸਿੰਘ ਨਾਲ ਸੰਪਰਕ ਕੀਤਾ ਜਿਸ ਤੇ ਨਛੱਤਰ ਸਿੰਘ ਨੇ ਸਾਨੂੰ ਦੱਸਿਆ ਕਿ ਉਸਦੀ ਪਹਿਲੀ ਸ਼ਾਦੀ ਕੁਲਦੀਪ ਕੌਰ ਪੁੱਤਰੀ ਜਸਵੰਤ ਸਿੰਘ ਨਿਵਾਸੀ ਬਸਤੀ ਸੁਰਾਗਪੁਰੀ ਮੁਕਤਸਰ ਦੇ ਨਾਲ ਹੋਈ ਸੀ ਅਤੇ ਉਸਦਾ ਆਪਣੀ ਪਤਨੀ ਦੇ ਨਾਲ ਅਦਾਲਤ ਵਿਚ ਤਲਾਕ ਹੋ ਚੁੱਕਾ ਹੈ ਅਤੇ ਉਸਦਾ ਕੋਈ ਬੱਚਾ ਵੀ ਨਹੀਂ ਹੈ ਜਿਸ ਤੇ ਅਸੀਂ ਉਸਦੀ ਗੱਲਾਂ ਤੇ ਯਕੀਨ ਕਰ ਲਿਆ। ਮਨਪ੍ਰੀਤ ਕੌਰ ਨੇ ਕਿਹਾ ਕਿ ਉਸਦੀ ਸ਼ਾਦੀ 6 ਫਰਵਰੀ 2013 ਨੂੰ ਕਥਿਤ ਦੋਸ਼ੀ ਨਛੱਤਰ ਸਿੰਘ ਦੇ ਨਾਲ ਧਾਰਮਿਕ ਰੀਤੀਰਿਵਾਜਾਂ ਦੇ ਅਨੁਸਾਰ ਹੋਈ ਸੀ। ਹੁਣ ਸਾਨੂੰ ਪਤਾ ਲੱਗਾ ਹੈ ਕਿ ਮੇਰੇ ਪਤੀ ਨਛੱਤਰ ਸਿੰਘ ਦਾ ਆਪਣੀ ਪਤਨੀ ਦੇ ਨਾਲ ਅਦਾਲਤ ਵਿਚ ਕੋਈ ਤਲਾਕ ਨਹੀਂ ਹੋਇਆ ਅਤੇ ਉਸਦੇ ਬੱਚੇ ਵੀ ਹਨ। ਇਸ ਤਰ੍ਹਾਂ ਉਸਨੇ ਸਾਨੂੰ ਧੋਖੇ ਵਿਚ ਰੱਖ ਕੇ ਮੇਰੇ ਨਾਲ ਵਿਆਹ ਕਰਵਾਇਆ ਅਤੇ ਬੱਚਿਆਂ ਦੇ ਬਾਰੇ ਵਿਚ ਵੀ ਨਹੀਂ ਦੱਸਿਆ। ਇਸ ਤਰ੍ਹਾਂ ਉਸਨੇ ਸਾਡੇ ਨਾਲ ਧੋਖਾ ਕੀਤਾ ਹੈ। ਜ਼ਿਲਾ ਪੁਲਸ ਮੁਖੀ ਨੇ ਉਕਤ ਮਾਮਲੇ ਦੀ ਜਾਂਚ ਵੁਮੈਨ ਸੈੱਲ ਮੋਗਾ ਦੀ ਮੁਖੀ ਇੰਸਪੈਕਟਰ ਕਸ਼ਮੀਰ ਕੌਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਸ਼ਿਕਾਇਤ ਕਰਤਾ ਮਨਪ੍ਰੀਤ ਕੌਰ ਦੇ ਦੋਸ਼ ਸਹੀ ਪਾਏ ਜਾਣ ਦੇ ਬਾਅਦ ਜਾਂਚ ਅਧਿਕਾਰੀ ਵਲੋਂ ਜਾਂਚ ਰਿਪੋਰਟ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸੌਂਪ ਦਿੱਤੀ ਜਿੰਨਾਂ ਦੇ ਆਦੇਸ਼ ਤੇ ਕਥਿਤ ਦੋਸ਼ੀ ਨਛੱਤਰ ਸਿੰਘ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।