ਜਸਵਿੰਦਰ ਸਿੰਘ ਐਡਵੋਕੇਟ ਨੂੰ ਸਨਮਾਨਿਤ ਕਰਦੇ ਵਿਧਾਇਕ ਪੀਟਰ ਸੰਧੂ, ਵਿਧਾਇਕ ਨਰੇਸ਼ ਭਾਰਦਵਾਜ
ਐਡਮਿੰਟਨ, 3 ਮਈ - ਪਿਛਲੇ ਦਿਨੀਂ ਕੈਨੇਡਾ ਦੀ ਫੇਰੀ 'ਤੇ ਆਏ ਐਡਵੋਕੇਟ ਜਸਵਿੰਦਰ ਸਿੰਘ ਬਾਘਾ ਪੁਰਾਣਾ ਐਡਮਿੰਟਨ ਨਿਵਾਸੀ ਸ਼ਮਸ਼ੇਰ ਬਰਾੜ ਦੇ ਸੱਦੇ 'ਤੇ ਐਡਮਿੰਟਨ ਪੁੱਜੇ। ਉਨ੍ਹਾਂ ਦੇ ਸਵਾਗਤ ਲਈ ਬਰਾੜ ਪਰਿਵਾਰ ਨੇ ਸਥਾਨਕ ਮਹਾਰਾਜਾ ਹਾਲ ਵਿਖੇ ਪ੍ਰੋਗਰਾਮ ਕੀਤਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਡਵੋਕੇਟ ਜਸਵਿੰਦਰ ਨੇ ਪੁੱਜੇ ਸ਼ਹਿਰ ਵਾਸੀਆਂ ਨੂੰ ਗੰਭੀਰਤਾ ਨਾਲ ਦੱਸਿਆ ਕਿ ਜਦੋਂ ਵੀ ਵਿਦੇਸ਼ਾਂ 'ਚ ਵਸਦੇ ਭਾਈਚਾਰੇ ਨੂੰ ਆਪਣੀ ਚੱਲ-ਅਚੱਲ ਜਾਇਦਾਦ ਨੂੰ ਵਿਕਰੀ ਕਰਨ ਦਾ ਹੱਕ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੇਣਾ ਚਾਹੀਦਾ ਸਿਰਫ਼ ਉਨ੍ਹਾਂ ਨੂੰ ਆਪਣੀ ਜਾਇਦਾਦ ਨੂੰ ਲੀਜ਼, ਸਾਂਝ ਸੰਭਾਲ ਸਬੰਧੀ ਹੱਕ ਦੇਣੇ ਚਾਹੀਦੇ ਹਨ। ਅੱਜਕਲ੍ਹ ਪੰਜਾਬ ਵਿਖੇ ਜਾਇਦਾਦਾਂ ਲੱਖਾਂ ਤੋਂ ਕਰੋੜਾਂ ਦੀਆਂ ਬਣ ਚੁੱਕੀਆਂ ਹਨ। ਇਥੇ ਵਸਦਾ ਭਾਈਚਾਰਾ ਪਹਿਲਾਂ ਆਪਣੀ ਜਾਇਦਾਦ ਨੂੰ ਪੰਜਾਬ ਬੈਠੇ ਪਰਿਵਾਰਾਂ ਨੂੰ ਸਹਾਇਤਾ ਵਜੋਂ ਉਸ ਦੀ ਆਮਦਨ ਵਰਤਣ ਲਈ ਦਿੰਦਾ ਹੈ ਪ੍ਰੰਤੂ ਬਾਅਦ ਵਿਚ ਪੰਜਾਬ ਵਸਦਾ ਪਰਿਵਾਰ ਉਸ ਜਾਇਦਾਦ ਨੂੰ ਆਪਣੀ ਹੀ ਸਮਝ ਬੈਠਦਾ ਹੈ ਜਿਸ ਕਾਰਨ ਵਿਦੇਸ਼ੀਆਂ ਦੀ ਜਾਇਦਾਦਾਂ ਉੱਪਰ ਕਬਜ਼ੇ ਆਮ ਹੋ ਜਾਂਦੇ ਹਨ। ਇਸ ਕਰਕੇ ਵਿਦੇਸ਼ੀ ਬਾਅਦ ਵਿਚ ਪੰਜਾਬ ਦੁਬਾਰਾ ਜਾਣ ਦਾ ਨਾਂਅ ਤੱਕ ਨਹੀਂ ਲੈਂਦੇ। ਸਮਾਗਮ ਵਿਚ ਐਡਵੋਕੇਟ ਜਸਵਿੰਦਰ ਸਿੰਘ ਨੂੰ ਵਿਧਾਇਕ ਪੀਟਰ ਸੰਧੂ, ਸਿੱਖ ਫੈਡਰੇਸ਼ਨ ਦੇ ਕਰਨੈਲ ਸਿੰਘ ਦਿਉਲ, ਵਿਧਾਇਕ ਨਰੇਸ਼ ਭਾਰਦਵਾਜ ਵੱਲੋਂ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਸ਼ਮਸ਼ੇਰ ਬਰਾੜ, ਹੈਰੀ ਬਰਾੜ, ਤੀਰਥ ਬਰਾੜ, ਬਲਦੇਵ ਧਾਲੀਵਾਲ ਤੋਂ ਇਲਾਵਾ ਦਰਜਨਾਂ ਨਿਵਾਸੀ ਹਾਜ਼ਰ ਸਨ।