Professional & Knowledgable Law Team

Monday, June 17, 2013

ਧੋਖੇਬਾਜ਼ ਐਨ. ਆਰ. ਆਈ. ਲਾੜਿਆਂ 'ਤੇ ਸਖਤ ਪੰਜਾਬ ਸਰਕਾਰ

ਚੰਡੀਗੜ੍ਹ- ਪੰਜਾਬ ਵਿਚ ਵਿਆਹ ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ 'ਤੇ ਨੱਥ ਪਾਉਣ ਲਈ ਸਰਕਾਰ ਨੇ ਵਿਆਹ ਦੀ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤੀ ਹੈ। ਪੰਜਾਬ ਕੈਬਨਿਟ ਦੀ ਸ਼ਨੀਵਾਰ ਨੂੰ ਹੋਈ ਇਕ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ। ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਕੈਬਨਿਟ ਦੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਲੇ ਨਾਲ ਐਨ. ਆਰ. ਆਈ. ਲਾੜਿਆਂ ਹੱਥੋਂ ਧੋਖੇ ਦਾ ਸ਼ਿਕਾਰ ਹੋਣ ਵਾਲੀਆਂ ਪੰਜਾਬ ਦੀਆਂ ਕੁੜੀਆਂ ਨੂੰ ਰਾਹਤ ਮਿਲੇਗੀ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟਾਂ 'ਤੇ ਨੱਥ ਪਾਉਣ ਲਈ ਵੀ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫੈਸਲੇ ਲਏ ਹਨ। ਹੁਣ ਪੰਜਾਬ ਦੇ ਸਾਰੇ ਟ੍ਰੈਵਲ ਏਜੰਟਾਂ ਨੂੰ ਸਰਕਾਰ ਦੇ ਕੋਲੋਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਜਿਸ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ ਦੀ ਗੁੰਜਾਇਸ਼ ਘੱਟ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਹਜ਼ਾਰਾਂ ਲੜਕੀਆਂ ਐਨ. ਆਰ. ਆਈ. ਲਾੜਿਆਂ ਹੱਥੋਂ ਧੋਖੇ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਨ੍ਹਾਂ ਲਾੜਿਆਂ ਦੀ ਧੋਖਾਧੜੀ 'ਤੇ ਕਾਬੂ ਪਾਉਣ ਲਈ ਜਲੰਧਰ ਦੇ ਪਾਸਪੋਰਟ ਦਫਤਰ ਵਲੋਂ ਧੋਖੇਬਾਜ਼ ਐਨ. ਆਰ. ਆਈ. ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਕਈ ਧੋਖੇਬਾਜ਼ ਲਾੜਿਆਂ ਦੇ ਪਾਸਪੋਰਟ ਰੱਦ ਵੀ ਹੋਏ ਹਨ। ਪੰਜਾਬ ਸਰਕਾਰ ਦੇ ਇਸ ਨਵੇਂ ਕਾਨੂੰਨ ਨਾਲ ਧੋਖੇਬਾਜ਼ ਲਾੜਿਆਂ 'ਤੇ ਠੱਲ੍ਹ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ।